"ਅਖੇ, ਨਹਿੰਗ ਭੰਗ ਪੀਂਦੇ ਹਨ" - ਹਰਕਿਰਨ ਜੀਤ ਸਿੰਘ ਰਾਮਗੜ੍ਹੀਆ
ਅੱਜ ਕੱਲ ਸੋਸ਼ਲ ਮੀਡਿਆ ਦਾ ਯੁੱਗ ਹੋਣ ਕਰਕੇ ਹਰ ਕੋਈ ਬਿਨ੍ਹਾਂ ਕਿਸੇ ਸਬੂਤ ਜਾਂ ਤਰਕ ਦੇ ਕਿਸੇ ਵੀ ਖ਼ਿਲਾਫ਼ ਬੋਲਣ ਲੱਗ ਜਾਂਦਾ ਹੈ, ਜਦਕਿ ਬੋਲਣ ਵਾਲਾ ਜਿਸ ਦੇ ਖਿਲਾਫ ਬੋਲ ਰਿਹਾ ਹੁੰਦਾ ਹੈ, ਉਹ ਉਸ ਵਿਅਕਤੀ ਦੇ ਆਸ ਪਾਸ ਵੀ ਨਹੀਂ ਹੁੰਦਾ। ਅੱਜ ਇਸ ਲੇਖ ਵਿੱਚ ਇਸੇ ਤਰ੍ਹਾਂ ਦੀ ਹੀ ਗੱਲ ਕਰ ਰਿਹਾ ਹਾਂ। ਪਿੱਛਲੇ ਕੁੱਝ ਦਿਨਾਂ ਤੋਂ ਮੇਰੇ ਦੇਖਣ ਵਿੱਚ ਆਇਆ ਹੈ ਕੇ ਹਰ ਕੋਈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲਾਡਲੀ ਫੌਜ਼ ਨਿਹੰਗ ਸਿੰਘਾਂ ਬਾਰੇ ਅਵਾ-ਤਵਾ ਬੋਲ ਰਹੇ ਹਨ। ਪਰ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕੇ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਇਥੋਂ ਤੱਕ ਕੇ ਇੱਕੋ ਮਾਂ ਦੇ ਪੇਟ ਤੋਂ ਜੰਮੇ ਭਰਾਵਾਂ ਦੇ ਵਿਹਾਰ ਤੇ ਬੋਲ ਚਾਲ ਵੀ ਆਪਸ ਵਿੱਚ ਨਹੀਂ ਮਿਲਦਾ। ਅੱਜ ਮੈਂ ਇੱਥੇ ਉਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕੇ ਨਿਹੰਗ ਸਿੰਘ ਕਿਸ ਤਰ੍ਹਾਂ ਦੇ ਹੁੰਦੇ ਸਨ ਤੇ ਅੱਜ ਕੁੱਝ ਨਕਲੀ ਤੇ ਭੇਖੀ ਲੋਕਾਂ ਵਲੋਂ ਨਿਹੰਗ ਸਿੰਘਾਂ ਦਾ ਪਹਿਰਾਵਾ ਪਹਿਣ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਨਿਹੰਗ ਸਿੰਘਾਂ ਬਾਰੇ ਕੋਈ ਕੁੱਝ ਬੋਲਦਾ ਹੈ ਤੇ ਕੋਈ ਕੁੱਝ, ਬਹੁਤੀਆਂ ਗੱਲਾਂ ਮਾਰਨ ਵਾਲੇ ਨਿਹੰਗ ਸਿੰਘਾਂ ਦੀ ਪੈਰ ਦੀ ਧੂੜ ਵਰਗੇ ਵੀ ਨਹੀਂ ਹਨ। ਉਪਰੋਕਤ ਤਸਵੀਰ ਵਿੱਚ ਤੁਸੀਂ ਟਾਪ ਦੇਖ ਰਹੇ ਹੋ ਇਹ ਆਪਣੇ ਸਮੇਂ ਦੀ ਸੱਭ ਤੋਂ ਵੱਡੀ ਤੇ ਦੂਰ ਤੱਕ ਮਾਰ ਕਰਨ ਵਾਲੀ "ਜਮਜਮਾ ਤੋਪ" ਹੈ।
ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ ਵੱਲ ਤੁਰਿਆ ਇਹ ਤੋਪ ਲੈ ਕੇ ਤੁਰਿਆ, ਤਾਂ ਭਾਰਤ ਦੇ ਸਾਰੇ ਮਰਾਠੇ ਤੇ ਰਾਜਪੂਤ ਲੜਨ ਤੋਂ ਪਹਿਲਾਂ ਹੀ ਅਬਦਾਲੀ ਦੇ ਮੋਹਰੇ ਆਪਣੇ ਗੋਡੇ ਟੇਕ ਗਏ ਅਤੇ ਉਸਦੀ ਅਧੀਨਗੀ ਪ੍ਰਵਾਨ ਕਰਨ ਲੱਗ ਪਏ। ਜਦੋਂ ਇਸ ਬਾਬਤ ਮਿਸਲ ਭੰਗੀ ਦੇ ਸਰਦਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸ਼੍ਰੀ ਅਕਾਲ ਬੁੰਗਾ ਸਾਹਿਬ ਵਿਖੇ ਇਕੱਤਰ ਹੋ ਮਤਾ ਪਾਇਆ ਕਿ ਸੱਭ ਤੋਂ ਪਹਿਲਾਂ ਅਬਦਾਲੀ ਕੋਲੋਂ ਇਹ ਤੋਪ ਖੋਹੀ ਜਾਵੇ, ਨਹੀਂ ਤਾਂ ਜਜਮਾਨ ਡਰ ਵਿੱਚ ਹੀ ਮਾਰੇ ਜਾਣਗੇ।
ਜਦੋ ਅਹਿਮਦ ਸ਼ਾਹ ਅਬਦਾਲੀ 1759 -1760 ਵਿਚ ਹਿੰਦੁਸਤਾਨ ਨੂੰ ਲੁੱਟ ਕੇ ਜਾ ਰਿਹਾ ਸੀ ਤਾਂ ਸਿੱਖਾਂ ਨੇ ਇਕ ਵਾਰ ਫਿਰ ਅਬਦਾਲੀ ਦੇ ਕਾਫਲੇ ਤੇ ਹਮਲਾ ਕਰਕੇ ਲੁੱਟ ਮਾਰ ਕੀਤੀ। ਅਬਦਾਲੀ ਇਸ ਗੱਲ ਤੇ ਬਹੁਤ ਪਰੇਸ਼ਾਨ ਸੀ ਕੇ ਮੈਂ ਹਿੰਦੁਸਤਾਨ ਤੋਂ ਲੁੱਟ ਮਾਰ ਕਰਕੇ ਲਿਆਉਂਦਾ ਹਾਂ, ਤੇ ਇਹ ਖਾਨਾ ਬਦੋਸ਼ (ਕਿਉਕਿ ਉਸ ਸਮੇਂ ਸਿੰਘ ਜੰਗਲਾਂ ਵਿੱਚ ਹੀ ਜਿਆਦਾਤਰ ਰਹਿੰਦੇ ਸਨ) ਮੈਨੂੰ ਲੁੱਟ ਲੈਂਦੇ ਹਨ। ਅਬਦਾਲੀ ਨੇ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਜ਼ਕਰੀਆ ਖਾਨ ਨੂੰ ਪੁਛਿਆ ਕੇ, "ਇਹ ਹੈ ਕੌਣ ਲੋਕ ਨੇ"? ਜ਼ਕਰੀਆ ਖਾਨ ਨੇ ਜਵਾਬ ਦਿੰਦਿਆਂ ਦੱਸਿਆ ਕੇ, "ਇਹ ਸਿੱਖ ਅਖਵਾਂਦੇ ਹਨ, ਘੋੜਿਆ ਦੀਆ ਕਾਠੀਆ ਇਨ੍ਹਾਂ ਦਾ ਘਰ ਹਨ, ਘਾਹ ਫੂਸ ਤੇ ਛੋਲੇ ਖਾ ਕੇ ਵੀ ਗੁਜਾਰਾ ਕਰ ਲੈਂਦੇ ਹਨ, ਇਨ੍ਹਾਂ ਦੇ ਗੁਰੂ ਨੇ ਹਰਿਮੰਦਰ ਨਾਮ ਦਾ ਆਬੇ ਹਿਆ ਦਿਤਾ ਹੋਇਆ, ਜਿਥੋ ਹੀ ਮੁੜ ਇਹ ਸਕਤੀ ਸ਼ਾਲੀ ਹੋ ਨਿਬੜਦੇ ਹਨ।" ਅਬਦਾਲੀ ਨੇ ਕਿਹਾ, "ਮੈਨੂੰ ਇੰਨਾ ਵਿਚੋ ਬਾਦਸ਼ਾਹੀ ਦੀ ਬੂ ਆਉਂਦੀ ਹੈ, ਇਨ੍ਹਾਂ ਨੂੰ ਸਬਕ ਸਿਖਾਉਣਾ ਪਵੇਗਾ"।
ਇਸ ਲਈ ਵਾਪਿਸ ਪਹੁੰਚ ਅਬਦਾਲੀ ਨੇ ਏਸ਼ੀਆ ਦੀ ਉਸ ਵੇਲੇ ਦੀ ਸਭ ਤੋਂ ਵੱਡੀ ਤੋਪ ਤਿਆਰ ਕਰਵਾਉਣ ਦਾ ਹੁਕਮ ਸ਼ਾਹ ਨਜੀਰ ਨੂੰ ਦਿੱਤਾ। ਸ਼ਾਹ ਦੇ ਕਹਿਣ ਉਤੇ ਸਾਰੇ ਇਲਾਕੇ ਵਿਚੋ copper ਅਤੇ brass ਦੇ ਭਾਂਡੇ ਆਦਿਕ ਇੱਕਠੇ ਕੀਤੇ ਗਏ। ਜਿੰਨਾ ਨੂੰ ਢਾਲ ਕੇ ਇਕ ਤੋਪ ਤਿਆਰ ਕੀਤੀ ਗਈ ਤੇ ਉਸਦਾ ਨਾਮ ਰਖਿਆ ਗਿਆ ''''ਜਮਜਮਾ'' (80 pounder, 14 feet, 4½ inches in length, with a bore aperture of 9½ inches) ਪਰ ਤੁਸੀਂ ਆਪਣੇ ਵੱਡੇ ਵਡੇਰਿਆ ਦੀ ਬਹਾਦਰੀ ਦੇਖੋ, ਪਹਿਲੀ ਲੜਾਈ ਵਿਚ ਹੀ ਭੰਗੀ ਮਿਸਲ ਨੇ ਅਹਿਮਦ ਸ਼ਾਹ ਅਬਦਾਲੀ ਕੋਲੋ ਇਹ ਤੋਪ ਖੋਹ ਲਈ, ਤੇ ਨਾਮ ਰੱਖ ਦਿੱਤਾ "ਭੰਗੀਆ ਦੀ ਤੋਪ", ਜੋ ਅੱਜ ਵੀ ਲਾਹੌਰ ਵਿੱਚ ਮੌਜੂਦ ਹੈ।
ਇਸ ਤੋਪ ਨਾਲ ਇਕ ਵਿੱਲਖਣ ਸਿੱਖ ਇਤਿਹਾਸ ਦੀ ਕੁਰਬਾਨੀ ਦਾ ਪੰਨਾ ਵੀ ਜੁੜਿਆ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਚੌਥੀ ਵਾਰ ਮੁਲਤਾਨ ਦੇ ਕਿਲ੍ਹੇ ਤੇ ਹਮਲਾ ਕੀਤਾ ਤਾਂ ਕਿਲ੍ਹੇ ਦੀ ਸਖਤ ਚਾਰਦੀਵਾਰੀ ਕਰਕੇ ਕੋਈ ਨਤੀਜਾ ਨਹੀ ਸੀ ਆ ਰਿਹਾ। ਹੌਲੀ-ਹੌਲੀ ਪੰਜ ਮਹੀਨੇ ਬੀਤ ਗਏ ਤੇ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋ ਰਿਹਾ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਸਮਾਂ ਕੱਢ ਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ, ਉਸ ਸਮੇ ਅਕਾਲੀ ਫੂਲਾ ਸਿੰਘ ਜੀ ਕਿਤੇ ਬਾਹਰ ਗਏ ਹੋਏ ਸਨ। ਸੋ ਸਾਰਾ ਕਾਰਜ ਮੀਤ ਮੁੱਖ ਸੇਵਾਦਾਰ ਭਾਈ ਸਾਧੂ ਸਿੰਘ ਜੀ ਦੇਖ ਰਹੇ ਸਨ। ਜਦ ਉਨਾਂ ਮਹਾਰਾਜਾ ਰਣਜੀਤ ਸਿੰਘ ਦਾ ਮੁਰਝਾਈਆ ਚਿਹਰਾ ਵੇਖਿਆ ਤਾ ਕਾਰਨ ਪੁੱਛਿਆ ਤੇ ਮਹਾਰਾਜਾ ਨੇ ਸਾਰੀ ਵਾਰਤਾ ਦੱਸੀ। ਭਾਈ ਸਾਧੂ ਸਿੰਘ ਨੇ ਆਖਿਆ ਕੇ, "ਇਸ ਵਿਚ ਚਿੰਤਾ ਕਰਨ ਦੀ ਕੀ ਗੱਲ ਹੈ, ਸਾਡੇ ਕੋਲ ਭੰਗੀਆ ਵਾਲੀ ਤੋਪ ਹੈ, ਉਹ ਵਰਤੋਂ ਵਿੱਚ ਲਿਆ ਸਕਦੇ ਹਾਂ।
ਮੈਦਾਨੇ ਜੰਗ ਵਿੱਚ ਜਦੋਂ ਤੋਪ ਨੂੰ ਲੈ ਕੇ ਪਹੁੰਚੇ ਤਾਂ ਤੋਪਚੀ ਨੇ ਕਿਹਾ, "ਜੇ ਇਕ ਹੀ ਨਿਸ਼ਾਨੇ ਤੇ 18 ਤੋਂ 20 ਗੋਲੇ ਦਾਗੇ ਜਾਣ ਤਾ ਇਹ ਦੀ ਦੀਵਾਰਾਂ ਟੁੱਟ ਜਾਣ ਗਿਆ। ਜੰਗ ਵਿੱਚ ਜਦੋਂ ਤੋਪ ਨੇ ਗੋਲੇ ਸੁੱਟਣੇ ਸ਼ੁਰੂ ਕੀਤੇ ਤਾਂ ਇੱਕ ਵਾਰੀ ਤਾ ਦੁਸ਼ਮਣ ਦੇ ਵੀ ਦਿਲ ਕੰਬ ਗਏ। ਪਰ ਲਗਾਤਾਰ ਤੋਪ ਚੱਲਣ ਕਾਰਨ ਤੋਪ ਦਾ ਇਕ ਪਹੀਆ ਟੁਟ ਗਿਆ ਜਿਸ ਨਾਲ ਤੋਪ ਚੱਲਣ ਤੋਂ ਅਸਮਰੱਥ ਹੋ ਗਈ। ਤੋਪਚੀ ਨੇ ਸਲਾਹ ਦਿਤੀ ਕੇ, "ਹੁਣ ਇਕ ਹੱਲ ਹੋ ਸਕਦਾ, ਜੇਕਰ ਤੋਪ ਹੇਠਾਂ ਕੁੱਝ ਦਿੱਤਾ ਜਾ ਸਕੇ ਜਿਸ ਨਾਲ ਦੁਬਾਰਾ ਤੋਂ ਨਿਸ਼ਾਨਾ ਲਗਾਇਆ ਜਾ ਸਕਦਾ ਹੈ। ਗੁਰਮਤਾ ਹੋਇਆ ਕੇ ਤੋਪ ਦੇ ਹੇਠਾਂ ਇੱਕ ਇੱਕ ਸਿੰਘ ਵਲੋਂ ਮੋਢਾ ਦਿੱਤਾ ਜਾਵੇ, ਪਰ ਜੋ ਸਿੰਘ ਮੋਢਾ ਦੇਵੇਗਾ ਉਸਦੀ ਹੱਡੀਆ ਵੀ ਨਹੀ ਲੱਭਣ ਗਿਆ। ਇਹ ਸਾਰੀ ਵਾਰਤਾ ਭੇਸ ਬਦਲ ਕੇ ਦੁਸ਼ਮਣ ਖੇੜੇ ਦਾ ਸਿਪਾਹੀ ਸਾਈਅਦ ਜਾਲਾਨੀ ਦੇਖ ਰਿਹਾ ਸੀ, ਜਿਸ ਨੇ ਬਾਅਦ ਵਿਚ ਇਹ ਸਾਰੀ ਵਾਰਤਾ ਲਿਖੀ ਹੈ।
ਇਸ ਤੋਂ ਬਾਅਦ ਸਿੱਖਾਂ ਵਿੱਚ ਝਗੜਾ ਹੋਣ ਲੱਗ ਪਿਆ, ਸਾਈਅਦ ਜਾਲਾਨੀ ਨੇ ਸੋਚਿਆ ਕੇ ਮੌਤ ਨੂੰ ਦੇਖ ਸਿੰਘ ਡਰ ਗਏ ਹਨ, ਪਰ ਜਦ ਨੇੜੇ ਗਿਆ ਤਾਂ ਝਗੜਾ ਇਸ ਗੱਲ ਦਾ ਸੀ ਕੇ "ਪਹਿਲਾ ਮੈਂ ਮੋਢਾ ਦੇਵਾਂਗਾ", ਤੇ ਦੂਸਰਾ ਕਹਿ ਰਿਹਾ ਸੀ ਕੇ "ਨਹੀ ਪਹਿਲਾ ਮੈਂ ਮੋਢਾ ਦੇਵਾਗਾ"। ਜਾਲਾਨੀ ਲਿਖਦਾ ਹੈ ਕੇ, "ਉਸਦੀ ਰੂਹ ਕੰਬ ਗਈ।" ਇਸ ਤਰ੍ਹਾਂ ਰੌਲਾ ਪੈਣ ਤੇ ਸੇਵਾਦਾਰ ਭਾਈ ਸਾਧੂ ਸਿੰਘ ਨੇ ਕਿਹਾ ਕੇ, "ਤੁਹਾਡਾ ਆਗੂ ਕੌਣ ਹੈ? ਸਾਰਿਆ ਨੇ ਜਵਾਬ ਦਿਤਾ, "ਜੀ ਤੁਸੀਂ|" ਭਾਈ ਸਾਧੂ ਸਿੰਘ ਜੀ ਨੇ ਕਿਹਾ ਕੇ, "ਪਹਿਲਾ ਮੈਂ ਮੋਢਾ ਦੇਵਾਂਗਾ, ਫਿਰ ਮੇਰੇ ਹੇਠਲੀ ਪਦਵੀ ਵਾਲਾ ਤੇ ਇਹ ਕਰਮਵਾਰ ਸਿਲਸਿਲਾ ਇਸੇ ਤਰ੍ਹਾਂ ਚੱਲੇਗਾ ਜਦੋਂ ਤੱਕ ਦੀਵਾਰ ਨਹੀ ਟੁੱਟਦੀ।"
ਸਾਈਅਦ ਜਾਲਾਨੀ ਅੱਗੇ ਲਿਖਦਾ ਹੈ ਕੇ, "ਭਾਈ ਸਾਧੂ ਸਿੰਘ ਨੇ ਮੋਢਾ ਤੋਪ ਹੇਠਾ ਦਿਤਾ, ਗੋਲਾ ਚਲਿਆ ਸਰੀਰ ਦੇ ਪਤਰੇ-ਪਤਰੇ ਹੋ ਉੱਡ ਗਏ ਤੇ ਇਸੇ ਤਰ੍ਹਾਂ ਅੱਗੇ ਸਿਲਸਿਲਾ ਚਲਦਾ ਗਿਆ।" ਜਾਲਾਨੀ ਲਿਖਦਾ ਹੈ ਕਿ, "ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਵੀ ਮੋਢਾ ਤੋਪ ਹੇਠਾ ਆਪਣਾ ਮੋਢਾ ਦੇ ਦੇਵਾ, ਪਰ ਮੇਰੇ ਦਿਲ ਵਿਚ ਹੂਕ ਉਠੀ ਕੇ ਫਿਰ ਇਨ੍ਹਾਂ ਮਰਜੀਵੜਿਆਂ ਤੇ ਅਨੌਖੇ ਸ਼ਹੀਦਾਂ ਦੀ ਇਹ ਕੁਰਬਾਨੀ ਕੌਣ ਲਿਖੇਗਾ।
ਇਹ ਸਨ ਸਾਡੇ ਆਗੂਆਂ ਦੇ ਕਿਰਦਾਰ, ਜਿਸ ਲਈ ਕੌਮ ਚੜਦੀਕਲਾ ਵਿੱਚ ਸੀ, ਪਰ ਅੱਜ ਦੇ ਆਗੂ ਸਿਰਫ ਤੇ ਸਿਰਫ ਆਪਣੀ ਕੁਰਸੀ ਬਚਾਉਣ ਤੇ ਰਾਜਨੀਤੀ ਚਮਕਾਉਣ ਵਿੱਚ ਲੱਗੇ ਹੋਏ ਹਨ ਤੇ ਬਦਨਾਮ ਸਾਰੇ ਹੋ ਰਹੇ ਹਨ। ਸੋ, ਹੁਣ ਕਿਸੇ ਨੂੰ ਵੀ ਗ਼ਲਤ ਬੋਲਣ ਤੋਂ ਪਹਿਲਾ ਉਸ ਬਾਰੇ ਪੂਰੀ ਜਾਣਕਾਰੀ ਜਰੂਰ ਪਤਾ ਕਰ ਲੈਣੀ ਨਹੀਂ ਤਾ ਪਤਾ ਨਹੀਂ ਅਗਲਾ ਕੀ ਕਦਮ ਚੁੱਕੇ ਤੇ ਤੁਸੀਂ ਆਪਣੀ ਵਾਰੀ...
ਹਰਕਿਰਨ ਜੀਤ ਸਿੰਘ ਰਾਮਗੜ੍ਹੀਆ
ਮੋ . +91 998 884 1763