ਲੇਖਕ ਬਲਬੀਰ ਪਰਵਾਨਾ ਦੇ ਨਾਵਲ "ਰੌਲਿਆਂ ਵੇਲੇ" ਉੱਤੇ ਵਿਚਾਰ ਚਰਚਾ ਤੇ ਸਨਮਾਨ ਸਮਾਰੋਹ
ਅਬੋਹਰ 12 ਜੂਨ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਸਾਹਿਤ ਸਿਰਜਣਾ ਮੰਚ ਅਬੋਹਰ ਦੇ ਸਹਿਯੋਗ ਨਾਲ ‘ਪਾਠਕ-ਮੰਚ: ਸ਼ਬਦ-ਸੰਗਤ’ ਵੱਲੋਂ ਚੌਥੇ ਸਮਾਗਮ ਤਹਿਤ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ਉੱਤੇ ਵਿਚਾਰ ਚਰਚਾ ਅਤੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਭੁਪਿੰਦਰ ਉਤਰੇਜਾ ਦੇ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਗਿਆ। ਸਮਾਗਮ ਦੇ ਪਹਿਲੇ ਹਿੱਸੇ ਵਿਚ ਨਾਵਲ ਚਰਚਾ ਦੌਰਾਨ ਐਡਵੋਕੇਟ ਰਵਿੰਦਰ ਗਿੱਲ ਨੇ ਕਾਨੂੰਨੀ ਨੁਕਤਿਆਂ ਤੋਂ ਪੰਜਾਬ ਵੰਡ ਨੂੰ ਆਧਾਰ ਬਣਾ ਕੇ ਵਿਚਾਰ ਪੇਸ਼ ਕੀਤੇ। ਸ.ਵਤਨ ਸਿੰਘ ਨੇ ਸਿਰਲੇਖ ਅਤੇ ਸਰਵਰਕ ਨੂੰ ਜੋੜ ਕੇ ਦਰਦ ਦੀ ਬਾਤ ਪਾਈ ਜਦਕਿ ਪ੍ਰੋ:ਕਸ਼ਮੀਰ ਲੂਣਾ ਅਤੇ ਪ੍ਰੋ:ਗੌਰਵ ਸ਼ਰਮਾ ਨੇ ਪਰਿਵਾਰਕ ਹਵਾਲਿਆਂ ਨਾਲ ਉਜਾੜੇ ਦੇ ਸੰਤਾਪ ਨੂੰ ਸੰਵੇਦਨਾਤਮਕ ਲਹਿਜੇ ਨਾਲ ਬਿਆਨਿਆ।
ਪ੍ਰੋ. ਸਿਮਰਜੀਤ ਕੌਰ ਬਰਾੜ ਅਤੇ ਪ੍ਰੋ.ਓਂਕਾਰ ਚਹਿਲ ਨੇ ਨਾਵਲ ਦੇ ਤਕਨੀਕੀ ਪੱਖ ਅਧੀਨ ਪੰਜਾਬ ਵੰਡ ਦੇ ਧਾਰਮਿਕ ਰਾਜਨੀਤਕ ਪੱਖ ਫਰੋਲੇ। ਸੂਤਰਧਾਰ ਦੀ ਭੂਮਿਕਾ ਨਿਭਾਉਂਦੇ ਹੋਏ ਡਾ. ਚੰਦਰ ਪ੍ਰਕਾਸ਼ ਨੇ ਟਿੱਪਣੀ ਕੀਤੀ ਕਿ ਇਹ ਨਾਵਲ ਸਿਆਸਤ ਨੂੰ ਬਹੁਕੋਣ ਤੋਂ ਪਛਾਣਦੇ ਹੋਏ ਤਕਨੀਕੀ ਔਜ਼ਾਰਾਂ ਰਾਹੀਂ ਵੰਡ ਦੇ ਅਣਪਛਾਤੇ ਸੂਤਰ ਤਲਾਸ਼ਦਾ ਹੋਇਆ ਕਈ ਸਵਾਲ ਵੀ ਛੇੜਦਾ ਹੈ।ਮੰਚ ਸੰਚਾਲਨ ਅਤੇ ਕਨਵੀਨਰ ਵਿਜੇਅੰਤ ਜੁਨੇਜਾ ਨੇ ਕਿਹਾ ਕਿ ਵੰਡ ਬਾਰੇ ਮਣਾਂ ਮੂੰਹੀਂ ਲਿਖਿਆ ਗਿਆ ਹੈ ਅਤੇ ਹੋਰ ਲਿਖਿਆ ਜਾਵੇਗਾ।
ਇਸ ਮੌਕੇ ਡਾ. ਗੁਰਰਾਜ ਸਿੰਘ ਚਹਿਲ ਨੇ ਕਿਹਾ ਕਿ ਨਾਵਲ ਮੌਖਿਕ ਇਤਹਾਸ ਨੂੰ ਵੀ ਤਰਜੀਹ ਦਿੰਦਾ ਹੈ। ਪ੍ਰਧਾਨਗੀ ਸੰਬੋਧਨ ਵਿਚ ਡਾ. ਇਕਬਾਲ ਸਿੰਘ ਗੋਦਾਰਾ ਨੇ ਨਾਵਲ ਨੂੰ ਰਿਸਰਚ ਪ੍ਰੋਜੈਕਟ ਅਧੀਨ ਸਿਰਜਿਆ ਮਹੱਤਵਪੂਰਨ ਗਲਪ ਦਸਤਾਵੇਜ਼ ਕਿਹਾ। ਉਨ੍ਹਾਂ ਸਾਰੇ ਪ੍ਰਵਕਤਾ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਵੱਧ ਤੋਂ ਵੱਧ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਦੂਜੇ ਸੈਸ਼ਨ ਵਿੱਚ ਭੁਪਿੰਦਰ ਉਤਰੇਜਾ ਦੀ ਸ਼ਖ਼ਸੀਅਤ ਨਾਲ ਜੁੜੇ ਵਿਭਿੰਨ ਪਹਿਲੂਆਂ ਹੇਠ ਉਨ੍ਹਾਂ ਦੀਆਂ ਸਾਹਿਤਕ, ਸਭਿਆਚਾਰਕ, ਨਾਟ, ਕਲਾ, ਭਾਸ਼ਾ ਵਿਭਾਗ ਨੂੰ ਸਮਰਪਿਤ ਗਤੀਵਿਧੀਆਂ, ਉਪਲੱਬਧੀਆਂ ਨੂੰ ਵਿਚਾਰਿਆ ਗਿਆ। ਉਨ੍ਹਾਂ ਦੇ ਨਜ਼ਦੀਕੀ ਅਦਾਕਾਰ ਸਾਥੀ ਸੰਜੀਵ ਗੋਰਾ, ਕਸ਼ਮੀਰ ਲੂਣਾ ਨੇ ਉਨ੍ਹਾਂ ਦੀ ਅਗਵਾਈ ਨੂੰ ਜੀਵਨ ਦਾ ਮਹੱਤਵਪੂਰਨ ਹਿੱਸਾ ਦੱਸਿਆ। ਟੀਚਰਜ਼ ਕਲੱਬ ਅਬੋਹਰ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਰਾਕੇਸ਼ ਰਹੇਜਾ, ਸ. ਨਵਤੇਜ ਸਿੰਘ, ਸ. ਵਿਜੇਅੰਤ ਜੁਨੇਜਾ ਨੇ ਵੀ ਭੁਪਿੰਦਰ ਉਤਰੇਜਾ ਦੀ ਸ਼ਖਸੀਅਤ ਬਾਰੇ ਕਈ ਪੱਖ ਉਜਾਗਰ ਕੀਤੇ।
ਇਸ ਮੌਕੇ ਡਾ .ਗੁਰਰਾਜ ਸਿੰਘ ਚਹਿਲ ਨੇ ਉਨ੍ਹਾਂ ਦੁਆਰਾ ਸੰਚਾਲਿਤ ਸਮਾਗਮਾਂ ਨੂੰ ਸੰਖੇਪ ਵਿਚ ਬਿਆਨਿਆ ਗਿਆ। ਡਾ .ਚੰਦਰ ਪ੍ਰਕਾਸ਼ ਨੇ ਉਨ੍ਹਾਂ ਵੱਲੋਂ ਪ੍ਰਤਿਭਾਵਾਂ ਨੂੰ ਪਛਾਣਨ ਅਤੇ ਪ੍ਰੇਰਿਤ ਕਰਨ ਦੇ ਪ੍ਰਸੰਗ ਵਿਚ ਤਾਰੀਫ਼ ਕੀਤੀ ਗਈ। ਭੁਪਿੰਦਰ ਉਤਰੇਜਾ ਨੇ ਖ਼ੁਦ ਆਪਣੇ ਅਨੁਭਵ ਸਾਂਝੇ ਕਰਦੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਭਾਸ਼ਾ ਵਿਭਾਗ ਪੰਜਾਬ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਤਿੰਨ ਸੌ ਦੇ ਕਰੀਬ ਸਮਾਗਮ ਕੀਤੇ ਗਏ।
ਇਸ ਸਮਾਗਮ ਵਿੱਚ ਸਤਨਾਮ ਸਿੰਘ ਅਬੋਹਰ, ਸ਼੍ਰੀਮਤੀ ਹਰਮੀਤ ਕੌਰ ਮੀਤ, ਹਰਜੀਤ ਸਿੰਘ ਵੀ ਹਾਜ਼ਰ ਸਨ। ਸਮਾਰੋਹ ਦੇ ਆਖਿਰ ਵਿਚ ਪਾਠਕ ਮੰਚ ਵੱਲੋਂ ਭੁਪਿੰਦਰ ਉਤਰੇਜਾ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਂਟ ਕੀਤੀ ਗਈ।