ਸਰਕਾਰੀ ਸਕੂਲ, ਕੌੜਿਆਂਵਾਲੀ ਦੇ ਵਿਦਿਆਰਥੀ ਜਸ਼ਨਦੀਪ ਨੇ ਆਈਆਈਟੀ-ਜੇਈਈ 'ਚ ਰਚਿਆ ਇਤਿਹਾਸ

Jun 6, 2025 - 17:56
Jun 6, 2025 - 18:17
ਸਰਕਾਰੀ ਸਕੂਲ, ਕੌੜਿਆਂਵਾਲੀ ਦੇ ਵਿਦਿਆਰਥੀ ਜਸ਼ਨਦੀਪ ਨੇ ਆਈਆਈਟੀ-ਜੇਈਈ 'ਚ ਰਚਿਆ ਇਤਿਹਾਸ
ਫਾਜ਼ਿਲਕਾ 6 ਜੂਨ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਜ਼ਿਲ੍ਹੇ ਦੇ ਸਰਹੱਦੀ ਪਿੰਡ ਕੌੜਿਆਂਵਾਲੀ 'ਚ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਪੰਜਾਬ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਲਈ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇੱਥੋਂ ਦੇ ਬਾਰਵੀਂ  ਕਲਾਸ ਸਾਇੰਸ ਸਟਰੀਮ ਨਾਨ ਮੈਡੀਕਲ ਦੇ ਪਿੰਡ ਬਾਧਾ ਦੇ ਰਹਿਣ ਵਾਲੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਆਈਆਈਟੀ-ਜੇਈਈ ਐਡਵਾਂਸ ਵਰਗੀ ਮੁਸ਼ਕਲ ਰਾਸ਼ਟਰੀ ਪ੍ਰੀਖਿਆ ਵਿੱਚ ਕਾਮਯਾਬੀ ਹਾਸਲ ਕਰਕੇ ਆਪਣਾ ਹੀ ਨਹੀਂ, ਸਗੋਂ ਆਪਣੇ ਮਾਪਿਆਂ ਗੁਰਮੀਤ ਸਿੰਘ ਅਤੇ ਸੀਮਾ ਰਾਣੀ, ਪਿੰਡ, ਸਕੂਲ ਅਤੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।

ਇਸ ਪ੍ਰਾਪਤੀ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵਿਦਿਆਰਥੀ ਨੂੰ ਨਿੱਜੀ ਤੌਰ 'ਤੇ ਸੀਐਮ ਹਾਊਸ, ਚੰਡੀਗੜ੍ਹ ਬੁਲਾ ਕੇ ਸਨਮਾਨਿਤ ਕੀਤਾ। ਇਹ ਸਿਰਫ਼ ਵਿਅਕਤੀਕਤ ਸਨਮਾਨ ਨਹੀਂ ਸੀ, ਸਗੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਮਰਥਾ ਅਤੇ ਉਮੀਦਾਂ ਨੂੰ ਮਜ਼ਬੂਤੀ ਦੇਣ ਵਾਲੀ ਇਤਿਹਾਸਕ ਘੜੀ ਸੀ।

ਇਹ ਵੀ ਗੌਰ ਕਰਨਯੋਗ ਹੈ ਕਿ ਸਾਰੇ ਪੰਜਾਬ ਤੋਂ ਇਸ ਸਾਲ ਸਰਕਾਰੀ ਸਕੂਲਾਂ ਤੋਂ 40 ਵਿਦਿਆਰਥੀਆਂ ਨੇ ਆਈਆਈਟੀ-ਜੇਈਈ ਪਾਸ ਕੀਤਾ। ਜਿਸ ਵਿੱਚ ਕੋੜਿਆਂ ਵਾਲੀ ਸਕੂਲ ਦੇ ਜਸ਼ਨਦੀਪ ਸਿੰਘ ਦੀ ਸ਼ਮੂਲੀਅਤ, ਖਾਸ ਕਰਕੇ ਸਰਹੱਦੀ ਪੇਂਡੂ ਸਕੂਲ ਤੋਂ ਹੋਣ ਕਰਕੇ, ਉਮੀਦ ਦੀ ਇੱਕ ਵੱਡੀ ਕਿਰਨ ਵਜੋਂ ਉਭਰੀ ਹੈ।


ਇਹ ਸਫਲਤਾ ਸਿਰਫ਼ ਵਿਦਿਆਰਥੀ ਦੀ ਮਿਹਨਤ ਦਾ ਨਤੀਜਾ ਨਹੀਂ, ਸਗੋਂ ਸਕੂਲ ਦੇ ਪ੍ਰਿੰਸੀਪਲ ਡਾ. ਰਾਜੀਵ ਮੱਕੜ ਦੀ ਦੂਰਦਰਸ਼ੀਤਾ, ਪ੍ਰੋਫੈਸ਼ਨਲ ਯੋਜਨਾਬੰਦੀ, ਅਤੇ ਟੀਮ ਵਰਕ ਦਾ ਸਿੱਧਾ ਅਤੇ ਵਧੀਆ ਨਤੀਜਾ ਹੈ। ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ, ਸਮਾਰਟ ਸਕੂਲ ਬਣਾਉਣ ਵਿੱਚ, ਸਰਕਾਰੀ ਗਰਾਂਟਾਂ ਦੇ ਵਧੀਆ ਇਸਤੇਮਾਲ ਕਰਨ ਕਰਕੇ ਉਹਨਾਂ ਨੂੰ ਪਹਿਲਾਂ ਹੀ ਇਹਨਾਂ ਨੂੰ ਮਾਨਯੋਗ ਸਿੱਖਿਆ ਸਕੱਤਰ ਸਕੂਲ ਪੰਜਾਬ ਸਰਕਾਰ ਵੱਲੋਂ ਸਲਾਘਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ, ਸਗੋਂ ਨਿੱਜੀ ਤੌਰ 'ਤੇ ਲੱਖਾਂ ਰੁਪਏ ਦਾਨ ਸਵਰੂਪ ਖਰਚ ਕਰਕੇ ਸਕੂਲ ਦੀ ਇਮਾਰਤ, ਵਿਦਿਆਰਥੀਆਂ ਦੀਆਂ ਸਹੂਲਤਾਂ, ਅਤੇ ਆਧੁਨਿਕ ਟੈਕਨੋਲੋਜੀ ਵਾਲੀਆਂ ਕਲਾਸਾਂ ਦੀ ਸਥਾਪਨਾ ਕੀਤੀ।

ਉਨ੍ਹਾਂ ਦੀ ਅਗਵਾਈ ਹੇਠ ਲੋਕਾਂ ਦੁਆਰਾ ਪਿਆਰ ਨਾਲ ਕਿਹਾ ਜਾਣ ਵਾਲਾ ਇਹ “ਡਰਾਇੰਗ ਰੂਮ ਵਰਗਾ ਸਕੂਲ” , ਖੂਬਸੂਰਤ ਬਿਲਡਿੰਗ ਅਤੇ ਵਿਦਿਆਰਥੀ-ਕੇਂਦਰਤ ਵਾਤਾਵਰਨ ਤਿਆਰ ਕੀਤਾ ਗਿਆ। 
ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਪੰਜਾਬੀ ਭਾਸ਼ਾ ਦੇ ਇਕ ਅਨੁਭਵੀ ਪੱਤਰਕਾਰ ਹਨ। ਜੋ ਹਮੇਸ਼ਾ ਜਮੀਨੀ ਸੱਚਾਈਆਂ ਅਤੇ ਲੋਕਾਂ ਦੀ ਆਵਾਜ਼ ਨੂੰ ਮੀਡੀਆ ਰਾਹੀਂ ਉਜਾਗਰ ਕਰਨ ਲਈ ਪ੍ਰਤਿਬੱਧ ਰਹੇ ਹਨ। ਉਨ੍ਹਾਂ ਕੋਲ ਖੇਤਰੀ ਅਤੇ ਰਾਜ ਸਤਰ ਦੀਆਂ ਖ਼ਬਰਾਂ ਵਿੱਚ ਵਰ੍ਹਿਆਂ ਦਾ ਤਜਰਬਾ ਹੈ। ਉਹ ਵਰਤਮਾਨ ਵਿੱਚ ਪੰਜਾਬੀ ਨਿਊਜ਼ ਵਿਭਾਗ ਦੇ ਨਿਊਜ਼ ਐਡੀਟਰ ਅਤੇ ਸਟੇਟ ਹੈੱਡ ਵਜੋਂ ਜੁੜੇ ਹੋਏ ਹਨ।