ਪਰਿਵਾਰ ਹੋਵੇਗਾ ਖੁਸ਼ਹਾਲ ਤਾਂ ਪੰਜਾਬ ਬਣੇਗਾ ਖੁਸ਼ਹਾਲ : ਰਾਜ ਲਾਲੀ ਗਿੱਲ

Jun 25, 2025 - 22:00
Jun 25, 2025 - 23:07
ਪਰਿਵਾਰ ਹੋਵੇਗਾ ਖੁਸ਼ਹਾਲ ਤਾਂ ਪੰਜਾਬ ਬਣੇਗਾ ਖੁਸ਼ਹਾਲ  : ਰਾਜ ਲਾਲੀ ਗਿੱਲ

ਫਾਜ਼ਿਲਕਾ, 25 ਜੂਨ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਪਿੰਡ ਪਿੰਡ ਮਹਿਲਾ ਕਮਿਸਨ ਮੁਹਿੰਮ ਤਹਿਤ ਫਾਜਿਲਕਾ ਦੇ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਹੈ ਕਿ ਔਰਤਾਂ ਪੜ ਲਿਖ ਕੇ  ਚੰਗੇ ਮੁਕਾਮਾਂ ਤੇ ਪਹੁੰਚ ਕੇ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਜਿੱਥੇ  ਉੱਚੀਆਂ ਉੱਚੀਆਂ ਪਦਵੀਆਂ ਹਾਸਲ ਕਰ ਰਹੀਆਂ ਹਨ ਉਥੇ  ਆਤਮ ਨਿਰਭਰ ਬਣ ਰਹੀਆਂ ਹਨ।

ਪਿੰਡ ਲਾਲੋ ਵਾਲੀ ਤੇ ਹੀਰਾਂ ਵਾਲੀ ਦੇ ਦੌਰੇ ਦੌਰਾਨ ਮੈਡਮ ਰਾਜ ਲਾਲੀ ਗਿੱਲ ਨੇ ਕਿਹਾ ਕਿ ਮਹਿਲਾਵਾਂ ਪਰਿਵਾਰ ਦਾ ਅਹਿਮ ਹਿੱਸਾ ਹੁੰਦੀਆਂ ਹਨ ਤੇ ਮਹਿਲਾਵਾ ਦੀ ਸੁਰੱਖਿਆ ਪਰਿਵਾਰ ਦੀ ਖੁਸ਼ਹਾਲੀ ਦਾ ਪ੍ਰਤੀਕ ਮਨਿਆ ਜਾਂਦਾ ਹੈ। ਉਹਨਾਂ ਅੱਗੇ ਸੰਬੋਧਨ ਕਰਦੇ ਕਿਹਾ ਕਿ ਪਰਿਵਾਰ  ਖੁਸ਼ਹਾਲ ਰਹੇਗਾ ਤਾਂ ਸੂਬਾ ਵੀ ਖੁਸ਼ਹਾਲ ਬਣੇਗਾ। ਉਨਾਂ ਔਰਤਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਘਰ ਤੱਕ ਸੀਮਿਤ ਨਾ ਰੱਖ ਕੇ ਅੱਗੇ ਆਓ ਤੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਓ। 

ਉਹਨਾਂ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾਂ ਦੀ ਸੁਰੱਖਿਆ ਤੇ ਹੱਕਾਂ ਲਈ ਵਚਨਬੱਧ ਹੈ ਤੇ ਕਿਸੇ ਵੀ ਔਰਤ ਨੁੰ ਹਿੰਸਾ ਦਾ ਸ਼ਿਕਾਰ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹ ਕਮਿਸ਼ਨ ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਇੱਕ ਔਰਤ ਦੂਸਰੀ ਔਰਤ ਦਾ ਹੱਥ ਪਕੜੇ ਤੇ ਇੱਕ ਦੂਜੇ ਦਾ ਹੌਸਲਾ ਬਣ ਕੇ ਜ਼ੁਲਮ ਕਰਨ ਵਾਲਿਆਂ ਖਿਲਾਫ ਲੜਾਈ ਲੜੀ ਜਾਵੇ | ਉਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਈ ਜਾਵੇ ਤੇ ਆਪਣੇ ਪੈਰਾਂ ਸਿਰ ਖੜਾ ਹੋਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਮਾਜ ਵਿਚ ਔਰਤਾਂ ਤੇ ਮਹਿਲਾਵਾਂ ਨੁੰ ਮਾਨ ਸਨਮਾਨ ਦੇਣਾ ਹਰ ਇਕ ਦਾ ਫਰਜ ਬਣਦਾ ਹੈ। 

ਇਸ ਮੌਕੇ ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਨਾਰੀ ਸ਼ਕਤੀ ਕਾਫੀ ਮਜਬੂਤ ਹੋਈ ਹੈ ਤੇ ਆਪਣੇ ਹੱਕਾਂ ਦੀ ਖਾਤਰ ਲੜ ਰਹੀਆਂ ਹਨ। ਉਹਨਾਂ ਕਿਹਾ ਕਿ ਖੁਸ਼ੀ ਫਾਊਂਡੇਸ਼ਨ ਲਗਾਤਾਰ ਲੜਕੀਆਂ ਦੀ ਸੁਰੱਖਿਆ ਅਤੇ ਲੜਕੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ| ਉਹਨਾਂ ਕਿਹਾ ਕਿ ਔਰਤਾਂ ਚੁੱਲੇ ਚੌਂਕਿਆਂ ਤੋਂ ਬਾਹਰ ਉੱਠ ਕੇ ਦਫਤਰਾਂ, ਰਾਜਨੀਤੀ ਵਿਚਰ ਕੇ ਆਪਣੀ ਹੁਨਰ ਨੂੰ ਨਿਖਾਰ ਰਹੀਆਂ ਹਨ। ਇਸ ਮੌਕੇ ਮਹਿਲਾਵਾ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਤੇ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਵਾਤਾਵਰਨ ਦੀ ਸਾਂਭ ਸੰਭਾਲ ਤੇ ਸ਼ੁੱਧਤਾ ਨੁੰ ਬਰਕਰਾਰ ਰਖਣ ਲਈ ਬੂਟੇ ਵੰਡੇ ਗਏ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ, ਡਿਪਟੀ ਡਾਇਰੈਕਟਰ ਨਿਖਿਲ ਅਰੋੜਾ, ਐਸਡੀਐਮ ਫਾਜਿਲਕਾ ਵੀਰਪਾਲ ਕੌਰ,  ਜਿਲਾ ਪ੍ਰੋਗਰਾਮ ਅਫਸਰ ਖੁਸ਼ਬੀਰ ਕੌਰ, ਸਮਾਜਿਕ ਸੁਰੱਖਿਆ ਅਫਸਰ ਨਵੀਨ ਗੜਵਾਲ, ਸੀਡੀਪੀਓ ਨਵਦੀਪ ਕੌਰ, ਬੱਬੂ ਚੇਤੀਵਾਲ,  ਸੂਰਜ ਸੇਤੀਆ, ਸੰਦੀਪ ਚਲਾਣਾ, ਮਨਜੋਤ ਖੇੜਾ, ਹਰਵਿੰਦਰ,  ਬਿੱਟੂ ਸੇਤੀਆ,  ਪਿੰਦਰ, ਅਜੇ, ਅਲਕਾ ਜੁਨੇਜਾ,  ਸੋਮਾ ਰਾਣੀ, ਆਸ਼ਾ ਰਾਣੀ ਅਤੇ ਸਾਕਸ਼ੀ ਵਾਟਸ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਮੌਜੂਦ ਸਨ। 

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਪੰਜਾਬੀ ਭਾਸ਼ਾ ਦੇ ਇਕ ਅਨੁਭਵੀ ਪੱਤਰਕਾਰ ਹਨ। ਜੋ ਹਮੇਸ਼ਾ ਜਮੀਨੀ ਸੱਚਾਈਆਂ ਅਤੇ ਲੋਕਾਂ ਦੀ ਆਵਾਜ਼ ਨੂੰ ਮੀਡੀਆ ਰਾਹੀਂ ਉਜਾਗਰ ਕਰਨ ਲਈ ਪ੍ਰਤਿਬੱਧ ਰਹੇ ਹਨ। ਉਨ੍ਹਾਂ ਕੋਲ ਖੇਤਰੀ ਅਤੇ ਰਾਜ ਸਤਰ ਦੀਆਂ ਖ਼ਬਰਾਂ ਵਿੱਚ ਵਰ੍ਹਿਆਂ ਦਾ ਤਜਰਬਾ ਹੈ। ਉਹ ਵਰਤਮਾਨ ਵਿੱਚ ਪੰਜਾਬੀ ਨਿਊਜ਼ ਵਿਭਾਗ ਦੇ ਨਿਊਜ਼ ਐਡੀਟਰ ਅਤੇ ਸਟੇਟ ਹੈੱਡ ਵਜੋਂ ਜੁੜੇ ਹੋਏ ਹਨ।