ਗੁਰੂ ਸਾਹਿਬਾਨ ਦੇ 350 ਸਾਲਾ ਸ਼ਹੀਦੀ ਸਮਾਗਮਾਂ ਤੇ ਰਾਜਨੀਤੀ ਕਰਨ ਤੋਂ ਪਹਿਲਾਂ ਜ਼ਮੀਨੀ ਹਕੀਕਤ ’ਤੇ ਧਿਆਨ ਦੇਣ ਧਾਮੀ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

Aug 12, 2025 - 22:10
Aug 12, 2025 - 22:23
ਗੁਰੂ ਸਾਹਿਬਾਨ ਦੇ  350 ਸਾਲਾ ਸ਼ਹੀਦੀ ਸਮਾਗਮਾਂ ਤੇ ਰਾਜਨੀਤੀ ਕਰਨ ਤੋਂ ਪਹਿਲਾਂ ਜ਼ਮੀਨੀ ਹਕੀਕਤ ’ਤੇ ਧਿਆਨ ਦੇਣ ਧਾਮੀ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

ਨਵੀਂ ਦਿੱਲੀ, 12 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.  ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਮਾਮਲੇ ’ਤੇ ਦਿੱਲੀ ਗੁਰਦੁਆਰਾ ਕਮੇਟੀ ’ਤੇ ਕੀਤੇ ਹਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਜਾਂ ਤਾਂ ਐਡਵੋਕੇਟ ਧਾਮੀ ਨੂੰ ਜ਼ਮੀਨੀ ਹਕੀਕਤ ਦਾ ਗਿਆਨ ਨਹੀਂ ਜਾਂ ਫਿਰ ਉਹ ਜਾਣ ਬੁੱਝ ਕੇ ਅਸਲੀਅਤ ਤੋਂ ਅਣਜਾਣ ਬਣ ਰਹੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ.  ਕਾਲਕਾ ਤੇ ਸ.  ਕਾਹਲੋਂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਉਹਨਾਂ ਨੇ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਵੱਡੇ ਭਰਾ ਦੀ ਭੂਮਿਕਾ ਨਿਭਾਵੇ, ਪਰ ਅਜਿਹਾ ਜਾਪਦਾ ਹੈ ਕਿ ਐਡਵੋਕੇਟ ਧਾਮੀ ਗਿਆਨ ਵਿਹੂਣੇ ਹਨ। ਉਨ੍ਹਾਂ ਕਿਹਾ ਕਿ ਜੋ ਅੰਮ੍ਰਿਤਸਰ ਵਿਚ ਦਲ ਪੰਥ ਦੀਆਂ ਸੰਸਥਾਵਾਂ ਨਾਲ ਮੀਟਿੰਗਾਂ ਕੀਤੀਆਂ ਸਨ, ਉਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧ ਵੀ ਮੌਜੂਦ ਸਨ। ਜਿਹਨਾਂ ਨੇ ਭਰੋਸਾ ਦੁਆਇਆ ਸੀ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਰੱਖੇ ਜਾਣ ਵਾਲੇ ਸਮਾਗਮਾਂ ਵਿਚ ਖਲਲ ਪੈਦਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਿਹੜੀ ਅਸੀਂ ਅੰਮ੍ਰਿਤਸਰ ਵਿਚ ਮੀਟਿੰਗ ਕੀਤੀ, ਉਸ ਵਿਚ ਮੈਂਬਰ ਸ਼੍ਰੋਮਣੀ ਕਮੇਟੀ ਸ. ਪ੍ਰਤਾਪ ਸਿੰਘ ਸਕੱਤਰ, ਸ. ਵਿਜੇ ਸਿੰਘ ਧਰਮ ਪ੍ਰਚਾਰ ਸਕੱਤਰ ਤੇ ਸ. ਬਲਵਿੰਦਰ ਸਿੰਘ ਕਾਹਲਵਾਂ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਇਸ ਤੋਂ ਦਿੱਲੀ ਵਿਚ ਹੋਈ ਮੀਟਿੰਗ ਵਿਚ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧ ਵਜੋਂ ਸ਼ਾਮਲ ਹੋਏ ਜਥੇਦਾਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਪੂਰਨ ਸਹਿਯੋਗ ਦਾ ਭਰੋਸਾ ਦੁਆਇਆ ਸੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਜਾਂ ਤਾਂ ਐਡਵੋਕੇਟ ਧਾਮੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਨਹੀਂ ਹੈ ਜਾਂ ਫਿਰ ਉਹ ਜਾਣ ਬੁੱਝ ਕੇ ਅਣਜਾਣ ਬਣ ਰਹੇ ਹਨ। 

ਸ. ਕਾਲਕਾ ਅਤੇ ਸ. ਕਾਹਲੋ ਨੇ ਕਿਹਾ ਕੇ ਉਨ੍ਹਾਂ ਨੂੰ ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ ਤਖਤ ਸ਼੍ਰੀ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਬਿਹਾਰ ਦੀ ਸਰਕਾਰ ਨਾਲ ਮਿਲਕੇ 31 ਅਗਸਤ ਨੂੰ ਜਾਗ੍ਰਤੀ ਯਾਤਰਾ ਪਟਨਾ ਸਾਹਿਬ ਤੋਂ ਦਿੱਲੀ ਹੋ ਕੇ ਸ਼੍ਰੀ ਕੇਸ਼ਗੜ੍ਹ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ ਲੈ ਕੇ ਜਾਣੀ ਸੀ, ਜਿਸ ਲਈ ਇਕ ਹਫਤਾ ਪਹਿਲਾ ਹੀ ਕਮੇਟੀ ਨੇ ਉਚੇਚੇ ਤੌਰ ਤੇ ਜਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਯਾਤਰਾ ਦੀ ਜਾਣਕਾਰੀ ਦਿੱਤੀ ਸੀ। ਪਰ ਉਹਨਾਂ ਦੇ ਪ੍ਰੋਗਰਾਮ ਵਿੱਚ ਵੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਖਲਾਲ ਪਾਉਣ ਲਈ ਕਈ ਦਿਨ ਪਹਿਲਾਂ ਕੱਢਦੇ ਹੋਏ 30 ਤਾਰੀਖ ਨੂੰ ਪਟਨਾ ਸਾਹਿਬ ਲਿਜਾਈ ਜਾ ਰਹੀ ਹੈ, ਜਿਸ ਤੋਂ ਇੰਝ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਦੀ ਤੰਗ ਸੋਚ ਉਜਾਗਰ ਹੁੰਦੀ ਹੈ। 

ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਸਮਾਗਮ ਆਯੋਜਿਤ ਕਰਨ ਦਾ ਪਹਿਲਾ ਹੱਕ ਦਿੱਲੀ ਗੁਰਦੁਆਰਾ ਕਮੇਟੀ ਦਾ ਬਣਦਾ ਹੈ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਦਿੱਲੀ ਵਿਚ ਹੋਇਆ ਸੀ। ਇਹੀ ਦਲੀਲ ਦੇ ਕੇ ਉਹਨਾਂ ਨੇ ਪੰਥ ਦੀਆਂ ਸਮੁੱਚੀਆਂ ਸੰਸਥਾਵਾਂ ਤੇ ਸੰਪਰਦਾਵਾਂ ਤੋਂ ਸਹਿਯੋਗ ਮੰਗਿਆ ਸੀ, ਜਿਹਨਾਂ ਨੇ ਪੂਰਨ ਸਹਿਯੋਗ ਦਾ ਭਰੋਸਾ ਦੁਆਇਆ ਸੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹੁਣ ਸਿਆਸੀ ਮਜਬੂਰੀਆਂ ਕਾਰਨ ਐਡਵੋਕੇਟ ਧਾਮੀ ਸ਼੍ਰੋਮਣੀ ਕਮੇਟੀ ਵੱਲੋਂ ਦੁਆਏ ਭਰੋਸੇ ਤੋਂ ਪਿੱਛੇ ਹੱਟ ਰਹੇ ਹਨ। ਉਨ੍ਹਾਂ ਨੇ ਧਾਮੀ ਨੂੰ ਚੇਤੇ ਕਰਵਾਇਆ ਕਿ ਇਸ ਮਾਮਲੇ ’ਤੇ ਪੰਥ ਨੂੰ ਇਕਜੁੱਟ ਹੋ ਕੇ ਇਸ ਮਹਾਨ ਦਿਹਾੜੇ ਨੂੰ ਮਨਾਉਣ ਦੀ ਜ਼ਰੂਰਤ ਹੈ ਨਾ ਕਿ ਇਸ ’ਤੇ ਘਟੀਆ ਰਾਜਨੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਕੌਮ ਦੇ ਵੱਡੇ ਦਿਹਾੜੇ ਹਨ, ਜਿਹਨਾਂ ਨੂੰ ਮਨਾਉਣ ਵਾਸਤੇ ਸਮੁੱਚੇ ਪੰਥ ਨੂੰ ਪੂਰਨ ਇਕਜੁੱਟਤਾ ਵਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਸ਼੍ਰੋਮਣੀ ਕਮੇਟੀ ਨੂੰ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦੀ ਬੇਨਤੀ ਕੀਤੀ ਸੀ। ਪਰ ਅਜਿਹਾ ਜਾਪਦਾ ਹੈ ਕਿ ਧਾਮੀ ਸਾਹਿਬ ਇਹ ਭੂਮਿਕਾ ਭੁੱਲ ਕੇ ਸਿਰਫ ਤੇ ਸਿਰਫ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਬਜ਼ਿੱਦ ਹਨ। 

ਸ. ਕਾਲਕਾ ਕਿਹਾ ਕਿ ਕੌਮ ਵਾਸਤੇ ਆਪਣੇ ਇਤਿਹਾਸਕ ਦਿਹਾੜੇ ਮਨਾਉਣ ਦਾ ਆਪਣਾ ਮਹੱਤਵ ਹੈ, ਇਹ ਗੱਲ ਐਡਵੋਕੇਟ ਧਾਮੀ ਨੂੰ ਯਾਦ ਰੱਖਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਇਕ ਨਹੀਂ ਬਲਕਿ ਦੋ-ਦੋ ਵਾਰ ਮੀਟਿੰਗਾਂ ਦਾ ਹਿੱਸਾ ਰਹੇ ਹੋਣ ਤੇ ਪੂਰਨ ਸਹਿਯੋਗ ਦਾ ਭਰੋਸਾ ਦੁਆਉਣ ਤੋਂ ਉਸ ਮਗਰੋਂ ਐਡਵੋਕੇਟ ਧਾਮੀ ਵੱਲੋਂ ਸਿਆਸੀ ਬਿਆਨਬਾਜ਼ੀ ਕਰਨੀ ਬਹੁਤ ਮੰਦਭਾਗੀ ਹੈ

ਸ. ਕਾਹਲੋ ਨੇ ਮੁੜ ਦੁਹਰਾਇਆ ਕਿ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਸਾਹਿਬ ਦ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ ਜੋ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਉਹਨਾਂ ਦੇ ਅੰਤਿਮ ਸੰਸਕਾਰ ਦੇ ਅਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਲ-ਨਾਲ ਲਾਲ ਕਿਲ੍ਹੇ ’ਤੇ ਵੀ ਇਤਿਹਾਸਕ ਸਮਾਗਮ ਹੋਣਗੇ ਜਿਸ ਵਿਚ ਦੇਸ਼ੀ ਦੀ ਚੋਟੀ ਦੀ ਲੀਡਰਸ਼ਿਪ ਵੀ ਸ਼ਾਮਲ ਹੋਵੇਗੀ।

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਪੰਜਾਬੀ ਭਾਸ਼ਾ ਦੇ ਇਕ ਅਨੁਭਵੀ ਪੱਤਰਕਾਰ ਹਨ। ਜੋ ਹਮੇਸ਼ਾ ਜਮੀਨੀ ਸੱਚਾਈਆਂ ਅਤੇ ਲੋਕਾਂ ਦੀ ਆਵਾਜ਼ ਨੂੰ ਮੀਡੀਆ ਰਾਹੀਂ ਉਜਾਗਰ ਕਰਨ ਲਈ ਪ੍ਰਤਿਬੱਧ ਰਹੇ ਹਨ। ਉਨ੍ਹਾਂ ਕੋਲ ਖੇਤਰੀ ਅਤੇ ਰਾਜ ਸਤਰ ਦੀਆਂ ਖ਼ਬਰਾਂ ਵਿੱਚ ਵਰ੍ਹਿਆਂ ਦਾ ਤਜਰਬਾ ਹੈ। ਉਹ ਵਰਤਮਾਨ ਵਿੱਚ ਪੰਜਾਬੀ ਨਿਊਜ਼ ਵਿਭਾਗ ਦੇ ਨਿਊਜ਼ ਐਡੀਟਰ ਅਤੇ ਸਟੇਟ ਹੈੱਡ ਵਜੋਂ ਜੁੜੇ ਹੋਏ ਹਨ।