ਗੱਤਕਾ ਦੇ ਪ੍ਰਚਾਰ ਲਈ ਝਾਰਖੰਡ 'ਚ ਦੋ ਰੋਜ਼ਾ ਕੈਂਪ: ਬਲਜਿੰਦਰ ਸਿੰਘ ਤੂਰ ਵੱਲੋਂ ਟ੍ਰੇਨਿੰਗ ਤੇ ਖੇਡ ਵਿਭਾਗ ਨਾਲ ਮੁਲਾਕਾਤ
ਚੰਡੀਗੜ੍ਹ, 27 ਜੂਨ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਅਤੇ ਉੱਘੇ ਗੱਤਕਾ ਖਿਡਾਰੀ ਬਲਜਿੰਦਰ ਸਿੰਘ ਤੂਰ ਵੱਲੋਂ 29 ਅਤੇ 30 ਜੂਨ 2025 ਨੂੰ ਝਾਰਖੰਡ ਵਿੱਚ ਦੋ ਰੋਜ਼ਾ ਗੱਤਕਾ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਝਾਰਖੰਡ ਰਾਜ ਵਿੱਚ ਗੱਤਕਾ ਖੇਡ ਨੂੰ ਮਾਨਤਾ ਦਿਵਾਉਣ ਵਾਲੇ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਜਾਵੇਗੀ।
ਬਲਜਿੰਦਰ ਸਿੰਘ ਤੂਰ, ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਗੱਤਕਾ ਖੇਡ ਦੇ ਪ੍ਰਚਾਰ-ਪ੍ਰਸਾਰ ਵਿੱਚ ਸਰਗਰਮ ਹਨ, ਨੇ ਦੱਸਿਆ ਕਿ ਗੱਤਕਾ ਹੁਣ ਸਿਰਫ਼ ਧਾਰਮਿਕ ਨਹੀਂ, ਸਗੋਂ ਇੱਕ ਖੇਡ ਮਾਰਸ਼ਲ ਆਰਟ ਦੇ ਤੌਰ 'ਤੇ ਵੀ ਲੋਕਪ੍ਰਿਯਤਾ ਹਾਸਲ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਗੱਤਕੇ ਦੀਆਂ ਵਿਧੀਆਂ, ਤਕਨੀਕਾਂ ਅਤੇ ਬਰੀਕੀਆਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਨਿਰੰਤਰ ਕੈਂਪ ਲਗਾਏ ਜਾ ਰਹੇ ਹਨ। ਝਾਰਖੰਡ ਦੇ ਇਸ ਕੈਂਪ ਵਿੱਚ ਵੀ ਬੱਚਿਆਂ ਨੂੰ ਵਿਧੀਗਤ ਸਿਖਲਾਈ ਦੇਣ ਦੇ ਨਾਲ-ਨਾਲ ਖੇਡ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਗੱਤਕਾ ਨੂੰ ਝਾਰਖੰਡ ਰਾਜ ਵਿੱਚ ਹੋਰ ਪ੍ਰਫੁਲਿਤ ਕਰਨ ਦੀ ਰਣਨੀਤੀ ਵੀ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਨਾ ਸਿਰਫ਼ ਖਿਡਾਰੀਆਂ ਦੀ ਯੋਗਤਾ ਨੂੰ ਨਿਖਾਰਦੇ ਹਨ, ਸਗੋਂ ਰਵਾਇਤੀ ਸੱਭਿਆਚਾਰ ਨੂੰ ਵੀ ਜਿਉਂਦਾ ਰੱਖਦੇ ਹਨ। ਇਹ ਦੋ ਰੋਜ਼ਾ ਕੈਂਪ ਗੱਤਕਾ ਨੂੰ ਰਾਸ਼ਟਰੀ ਪੱਧਰ 'ਤੇ ਹੋਰ ਮਜ਼ਬੂਤੀ ਦੇਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਸਾਬਤ ਹੋਵੇਗਾ।